13 सितंबर 2020

ਮੰਦਬੁੱਧੀ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਮਾਪਿਆਂ ਨਾਲ ਕੀਤੀ ਗਈ ਆਨਲਾਈਨ ਮੀਟਿੰਗ

ਮੰਦਬੁੱਧੀ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਮਾਪਿਆਂ ਨਾਲ ਕੀਤੀ ਗਈ ਆਨਲਾਈਨ ਮੀਟਿੰਗ



ਲੁਧਿਆਣਾ - ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਾਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਆਈ ਈ ਡੀ ਕੰਪੋਨੈਂਟ ਵੱਲੋਂ ਮੰਦਬੁੱਧੀ ਦਿਵਿਆਂਗ ਬੱਚਿਆਂ ਦੇ ਮਾਪਿਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਏਜੰਡਾ  ਇਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਸਿੱਧੀ ਗੱਲਬਾਤ ਕਰਕੇ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ, ਬਣਦੇ ਸੁਝਾਅ ਦੇਣਾ ਸੀ ਤਾਂ ਜੋ ਇਸ ਲਾੱਕ ਡਾਉਨ ਦੇ ਸਮੇਂ ਬੱਚਿਆਂ ਦੇ ਸੁਭਾਅ ਵਿੱਚ ਆ ਰਹੀ ਤਬਦੀਲੀ ਕਾਰਨ ਮਾਪਿਆਂ ਦੀਆਂ ਵੱਧ ਰਹੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ। ਜ਼ਿਲ੍ਹਾ ਲੁਧਿਆਣਾ ਦੇ ਸਪੈਸ਼ਲ ਐਜੂਕੇਟਰ ਪ੍ਰਦੀਪ ਕੌਰ ਦੁਆਰਾ ਬੱਚਿਆਂ ਦੇ ਮਾਪਿਆਂ ਨੂੰ,  ਬੱਚਿਆਂ ਦੇ ਸੁਭਾਅ ਵਿੱਚ ਆ ਰਹੀਆਂ ਤਬਦੀਲੀਆਂ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲਾੱਕ ਡਾਉਨ ਕਾਰਨ ਘਰੇ ਰਹਿੰਦੇ ਹੋਏ, ਇਹ ਬੱਚੇ ਆਪਣੀ ਸਰੀਰਕ ਸ਼ਕਤੀ ਨੂੰ ਜਜ਼ਬ ਨਹੀਂ ਕਰ ਰਹੇ, ਜਿਸ ਕਾਰਨ ਬੇਚੈਨੀ ਦੇ ਆਲਮ ਵਿੱਚ ਉਹ ਚਿੜਚੜੇ ਹੋ ਰਹੇ ਹਨ। ਸੁਭਾਅ ਦੇ ਇਸ ਚਿੜਚੜੇਪਣ ਕਾਰਨ ਉਹ ਘਰ ਵਿੱਚ ਮਾਪਿਆਂ ਅਤੇ ਆਪਣੇ ਭੈਣ ਭਰਾਵਾ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ। ਸੁਭਾਅ ਦੀ ਇਸ ਤਬਦੀਲੀ ਨੂੰ ਘਟਾਉਣ ਜਾਂ ਖਤਮ ਕਰਨ ਲਈ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਨੁਕਤੇ ਸਾਂਝੇ ਕੀਤੇ ਗਏ। ਬੱਚਿਆਂ ਦੇ ਮਾਪਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੰਦਬੁੱਧੀ ਬੱਚਿਆਂ ਦੁਆਰਾ  ਚੀਕਾਂ ਮਾਰਨਾ, ਦੰਦੀਆਂ ਵੱਢਣਾ, ਰੌਲਾ ਪਾਉਣਾ, ਦੂਸਰੇ ਨੂੰ ਦੇਖ ਕੇ ਲੁਕ ਜਾਣਾ, ਘਰ ਆਏ ਮਹਿਮਾਨਾਂ ਨਾਲ ਸਹੀ ਵਰਤਾਉ ਨਾ ਕਰਨਾ, ਬੱਚਿਆਂ ਨਾਲ ਨਾ ਘੁਲਨਾ-ਮਿਲਣਾ,  ਖੇਡਾਂ ਵਿੱਚ ਰੁਚੀ ਨਾ ਲੈਣਾ ਆਦਿ ਸਮੱਸਿਆ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ। ਇਸ ਆਨਲਾਈਨ ਮੀਟਿੰਗ ਦਾ ਸੰਚਾਲਨ ਜ਼ਿਲ੍ਹਾ ਆਈਈਡੀ ਕੋਆਰਡੀਨੇਟਰ ਸ੍ਰੀ ਗੁਲਜ਼ਾਰ ਸ਼ਾਹ ਵੱਲੋਂ ਕੀਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਵੱਲੋਂ ਜਿੱਥੇ ਮਾਪਿਆਂ ਅਤੇ ਜ਼ਿਲ੍ਹੇ ਦੀ ਟੀਮ ਦਾ   ਸੁਆਗਤ ਕੀਤਾ  ਗਿਆ, ਉੱਥੇ ਹੀ ਉਨ੍ਹਾਂ ਵੱਲੋਂ ਆਈ ਈ ਡੀ  ਕੰਪੋਨੈਂਟ ਦੇ ਕੰਮਾਂ ਅਤੇ ਜ਼ਿਲ੍ਹੇ ਵੱਲੋਂ ਇਨ੍ਹਾਂ ਬੱਚਿਆਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਜਿੰਦਰ ਕੌਰ ਵੱਲੋਂ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਇਸ ਸੰਜਮ ਦੀ ਘੜੀ ਵਿੱਚ ਬੱਚਿਆਂ ਦੇ ਸੁਭਾਅ ਦੀਆਂ ਤਬਦੀਲੀਆਂ ਨੂੰ ਸਹਿਜਤਾ ਨਾਲ ਲੈਂਦੇ ਹੋਏ ਬੱਚਿਆਂ ਦੀ ਜ਼ਰੂਰਤ ਅਨੁਸਾਰ ਆਪਣੇ ਸੁਭਾਅ ਵਿਚ ਥੋੜ੍ਹਾ ਮੋਟਾ ਬਦਲਾਅ ਕਰਦੇ ਹੋਏ, ਬੱਚਿਆਂ ਨਾਲ ਉਚਿਤ ਵਿਵਹਾਰ ਕੀਤਾ ਜਾਵੇ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਵੱਲੋਂ ਜ਼ਿਲ੍ਹੇ ਦੀ ਆਈ ਈ ਡੀ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਟੀਮ ਵੱਲੋਂ ਕੀਤੇ ਜਾ ਰਹੇ ਕੰਮ ਬਹੁਤ ਹੀ ਸਰਾਹੁਣਯੋਗ ਹਨ ਕਿਉਂਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਲਈ ਇਨ੍ਹਾਂ ਅਧਿਆਪਕਾਂ ਦੁਆਰਾ ਬਹੁਤ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਜਿਓਥਰੈਪਿਸਟ ਡਾਕਟਰ ਪ੍ਰੀਤੀ ਅਤੇ ਜ਼ਿਲ੍ਹੇ ਦੇ ਸਮੂਹ ਆਈ ਈ ਆਰ ਟੀ ਅਤੇ ਵਲੰਟੀਅਰ ਵੀ ਹਾਜ਼ਰ ਸਨ ।

Daily update

PUNJAB ONLINE NEWS AND JOBS